Monday, 1 August 2011

Sadhoo Kaun Hai (Who is a Real Sadhu)

ਸਾਧ ਕੌਣ ਹੈ?

“ਸਾਧ ਕੈ ਸੰਗਿ ਨਹੀਂ ਕਛੁ ਘਾਲ।
ਦਰਸਨ ਭੇਟਤ ਹੋਤ ਨਿਹਾਲ॥”

ਏਥੇ ਪਹਿਲੀ ਪੰਗਤੀ ਅੰਦਰਿ ‘ਘਾਲ’ ਪਦ ਮੁਕਤਾ ਹੋਣ ਕਰਿ ਇਸ ਦੇ ਅਰਥ ਕਮਾਈ ਦੇ ਹਨ। ਇਸਤ੍ਰੀ ਲਿੰਗ ਨਾਂਵ ਦਾ ਪਿਛਲਾ ਅੱਖਰ ਮੁਕਤਾ ਹੀ ਹੁੰਦਾ ਹੈ। ਕਮਾਈ ਦੇ ਅਰਥਾਂ ਵਿਚਿ ਏਥੇ ‘ਘਾਲ’ ਦਾ ਲੱਲਾ ਮੁਕਤਾ ਹੈ। ਭਾਵ ਅਰਥ ਦੋਹਾਂ ਤੁਕਾਂ ਦਾ ਬੜਾ ਗੂੜ ਅਤੇ ਬਚਿੱਤਰ ਹੈ: ਧੁਰੋਂ ਆਏ ਧੁਰੋਂ ਪਠਾਏ ਧੁਰੋਂ ਬਖਸ਼ੇ ਹੋਏ ਗੁਰੂ ਰੂਪ ਸਾਧ ਦੀ ਪਾਰਸ ਰਸਾਇਣੀ ਛੋਹ ਦੇ ਸੰਗ ਕਰਕੇ ਐਸੀ ਪਾਰਸ ਕਲਾ ਵਾਲਾ ਪਰਤਾਪ ਵਰਤਦਾ ਹੈ ਕਿ ਉਤਮ ਜਗਿਆਸੂ ਜਨ ਨੂੰ ਇਸ ਜਨਮ ਵਿਚਿ ਕੋਈ ਭਾਰੀ ਘਾਲ ਮੁਸ਼ੱਕਤ ਨਹੀਂ ਘਾਲਣੀ ਪੈਂਦੀ। ਪੂਰਬਲੇ ਜਨਮਾਂ ਦੀ ਉਸ ਦੀ ਐਸੀ ਘਾਲ ਕਮਾਈ ਕੀਤੀ ਹੋਈ ਹੁੰਦੀ ਹੈ ਕਿ ਇਸ ਜਨਮ ਵਿਚਿ ਉਸ ਨੂੰ ਮੰਬਏ ਜੋਤਿ ਜੋਤੀਸ਼ ਗੁਰੂ ਨਾਨਕ ਜਾਮੇ ਦੇ ਜੋਤਿ ਕਿਰਨ ਵਿਗਾਸੀ ਭਾਨ ਮੂਰਤੀ ਪਾਰਸ ਦਰਸ਼ਨਾਂ ਦੇ ਭੇਟਨ (ਹੋਣ) ਸਾਰ ਹੀ ਕਪਾਟ ਖੋਲਣੇ ਕਮਾਲ ਕਲਿਆਣ ਕਲਬੀ ਦਸਮ ਦੁਆਰਿ ਮਹਿਵਤਾ (ਸਮਾਈ) ਪ੍ਰਾਪਤਿ ਹੋ ਜਾਂਦੀ ਹੈ। ਦਰਸ਼ਨ ਭੇਟਣ ਸਾਰ ਹੀ ਉਸ ਦਾ ਘਰ ਪੂਰਾ ਹੋ ਜਾਂਦਾ ਹੈ। ਚੁੰਬਕੀ ਦਰਸ਼ਨਾਂ ਦੀ ਇਕੋ ਝਲਕ ਨਾਲ ਹੀ ਉਹ ਨਿਹਾਲੋ ਨਿਹਾਲ ਹੋ ਜਾਂਦਾ ਹੈ। ਪਰ ਇਸ ਦਰਸ਼ਨ ਗੁਰੂ ਨਾਨਕ ਸਰੂਪ ਸਤਿਗੁਰੂ ਦੇ ਹੀ ਦਰਸ਼ਨ ਹਨ। ਗੁਰੂ ਨਾਨਕ ਨਿਰੰਕਾਰੀ ਜਾਮੇ ਵਾਲੇ ਸਾਧ ਗੁਰੂ ਦੇ ਦਰਸ਼ਨਾਂ ਤੋਂ ਹੀ ਐਸੀ ਸਦਗਤੀ ‘ਦਰਸਨ ਭੇਟਤ ਹੋਤ ਨਿਹਾਲ’ ਵਾਲੀ ਸਦਗਤੀ ਹੋ ਸਕਦੀ ਹੈ।

ਐਰੇ ਗੈਰੇ ਨਥੂ ਖੈਰੇ ਸਾਧਾਂ ਡਿੰਭੀ ਪਰਪੰਚੀ ਗੁਰੂਆਂ ਦੇ ਦਰਸ਼ਨਾਂ ਤੇ ਜੋ ਭਰਮ ਭੁਲੀ ਲੁਕਾਈ ਫਲ ਪ੍ਰਾਪਤੀ ਭਾਲਦੀ ਫਿਰਦੀ ਹੈ, ਇਹ ਨਿਰੀ ਹੀ ਫੋਕਟ ਪਰਪੰਚੀ ਇੱਛਾ ਹੈ। ਪਰਮਾਰਥ ਦੇ ਪਰਮ ਆਲਸੀ ਜਗਿਆਸੂ ਨਿਰੇ ਗਧਾ ਵੈਰਾਗ ਵਾਲੇ ਕਹਾਉਤੀ ਜਗਿਆਸੂ ਇਹ ਸੁਖੈਨਤਾ ਸੁਖ ਰਹਿਣੀ ਗੱਲ ਭਾਲਦੇ ਹਨ ਕਿ ਕੋਈ ਐਸੀ ਸੁਖਾਲੀ ਬਿਧਿ ਬਣਿ ਆਵੇ ਕਿ ਘਾਲ ਕਮਾਈ ਭੀ ਨਾ ਕਰਨੀ ਪਵੇ ਅਤੇ ਹਿੜਬਸ ਮਈ ਪਰਮਾਰਥੀ ਲਗਨ ਇਛਾ ਭੀ ਪੂਰੀ ਹੋ ਜਾਵੇ। ਇਸ ਸਸਤਮੁੱਲੀ ਇੱਛਾ ਪੂਰਤੀ ਲਈ ਉਹ ਘਾਲ ਨਿਖੱਟੂ ਦਲਿਦਰੀ ਜਗਿਆਸੂ ਨਿਖੜੰਮੀ ਆਸਾ ਧਾਰਕੇ ਭੇਖੀ ਸਾਧੂਆਂ ਦੇ ਪਿਛੇ ਪਏ ਭੱਜੇ ਫਿਰਦੇ ਹਨ ਅਤੇ ਉਪਰ ਦਿਤੀ ਦੁਪੰਗਤੀ ਦਾ ਭਾਵ ਅਜੇਹੇ ਡਿੰਭੀ ਸਾਧੂਆਂ ਉਤੇ ਹੀ ਘਟਾ ਲੈਂਦੇ ਹਨ। ਉਹਨਾਂ ਅੱਗੇ ਜਾ ਅਲਾਉਂਦੇ ਹਨ ਅਤੇ ਉਹਨਾਂ ਨੂੰ ਜਾ ਸਲਾਹੁੰਦੇ ਹਨ – ‘ਮਹਾਰਾਜ ਸੰਤ ਜੀ ਮੈਂ ਤਾਂ ਆਪ ਦੇ ਦਰਸ਼ਨ ਭੇਟ ਕੇ ਨਿਹਾਲ ਹੋਣ ਆਇਆ ਹਾਂ’। ਇਹ ਸੁਣ ਕੇ ਫੋਕਟ ਸਾਧ ਪਦੀਏ ਪਰਪੰਚੀ ਫੁੱਲ ਫੁੱਲ ਬਹਿੰਦੇ ਹਨ ਅਤੇ ਆਪਣੇ ਜਾਣੇ ਆਪਣਾ ਦਰਸ਼ਨ ਭਟਾਇਕੇ ਨਿਹਾਲ ਕਰਨ ਵਾਲੇ ਸਾਧ ਬਣਿ ਬਹਿੰਦੇ ਹਨ। ਪਰ ਉਹਨਾਂ ਘੁੱਗੂ ਮੱਟ ਵਾਸੀ ਪਰਪੰਚੀ ਸਾਧਾਂ ਤੋਂ ਸਰਦਾ ਕੁਛ ਨਹੀਂ। ਨਾਹੀਂ ਉਹਨਾਂ ਦਰਸ਼ਨ ਕਰਨ ਵਾਲਿਆਂ, ਦਰਸ਼ਨ ਭੇਟਨ ਵਾਲਿਆਂ ਦਾ ਕੁਛ ਸਉਰਦਾ ਹੈ। ਐਸੇ ਪਰਪੰਚ ਦਿਖਾਵੇ ਨੇ ਦੁਨੀਆਂ ਨੂੰ ਮਾਰ ਕੇ ਗ਼ਾਰਤ ਕਰਿ ਦਿਤਾ ਹੈ, ਅਤੇ ਪਰਮਾਰਥ ਦੀ ਜਗਿਆਸਾ ਨੂੰ ਖੱਜਲ ਖੁਆਰ ਕਰ ਦਿਤਾ ਹੈ।

ਸਿਰੀ ਸੁਖਮਨੀ ਸਾਹਿਬ ਦੀ ਏਸ ਸਤਵੀਂ ਅਸਟਪਦੀ ਵਿਚਿ ਜੋ ਸਾਧ ਦੀ ਮਹਿਮਾ ਉਚਾਰਨ ਕੀਤੀ ਹੈ ਸਿਰੀ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਦੀ ਚੌਥੇ ਗੁਰੂ ਨਾਨਕ ਸਰੂਪ ਸਾਧ ਦੀ ਪਰਤੱਖ ਗੁਰੂ ਸਾਧ ਮੂਰਤੀ ਨੂੰ ਮੁੱਖ ਰਖ ਕੇ ਕੀਤੀ ਹੈ (ਉਚਾਰਨ ਕੀਤੀ ਹੈ)। ਐਸੇ ਪਾਰਸ ਮੁਅਜਜ਼ਨੀ ਦਰਸ਼ਨਾਂ ਦੀ ਪ੍ਰਾਪਤੀ ਮਈ ਅਮਿਉ ਰਸਾਇਣੀ ਜੋਤਿ ਤੇਜਾਇਣੀ ਰਸਾਇਣੀ ਸੁਫਲ ਫਲ ਹਰ ਹਾਲਤ ਵਿਚਿ ਹੀ ਘਾਲ ਕਮਾਈ ਅਤੁੱਟ ਅਭਿਆਸ ਕਮਾਈ ਦੀ ਘਾਲਨਾ ਵਾਲੇ ਪਰਮਾਰਥੀ ਜਗਿਆਸੂ ਜਨਾਂ ਨੂੰ ਹੀ ਮਿਲਦੀ ਹੈ। ਚਾਹੇ ਇਹ ਘਾਲ ਕਮਾਈ ਕਿਸੇ ਨੇ ਪੂਰਬਲੇ ਜਨਮ ਵਿਚ ਅਤੁੱਟਤਾ ਸਹਿਤ ਕੀਤੀ ਹੋਵੇ, ਚਾਹੇ ਇਸ ਜਨਮ ਵਿਚਿ ਹੀ ਸਫਲ ਕਮਾਈ ਕੀਤੀ ਹੋਵੇ। ਇਹ ਗੱਲ ਪਰਤੱਖ ਦੇਖਣ ਪਾਖਣ ਪਰਖਣ ਵਿਚਿ ਆਈ ਹੈ ਕਿ ਜਿਨ੍ਹਾਂ ਅੰਮ੍ਰਿਤ ਅਧਿਕਾਰੀ ਜਨਾਂ ਨੇ ਪਿਛਲੇ ਜਨਮ ਵਿਚ ਘਾਲਨਾ ਘਾਲੀ ਹੋਈ ਹੁੰਦੀ ਹੈ ਓਹ ਤਾਂ ਗੁਰੂ ਸਰੂਪ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਪਾਨ ਕਰਨ ਸਾਰ ਹੀ ਗੁਰ ਦੀਖਿਆ ਗੁਰਮੰਤ੍ਰ ਪ੍ਰਵੇਸ਼ ਕਰਾਉਣ ਸਾਰ ਹੀ ਪੰਜਾਂ ਪਿਆਰਿਆਂ ਦੇ ਦਰਸ਼ਨ ਵਿਚਿ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਰਾਜਮਾਨਤਾ ਦੇ ਪਰਤੱਖ ਜੋਤਿ ਸਰੂਪ ਦਰਸ਼ਨੀ ਚਰਨਾਂ ਦਾ ਝਲਕਾਰ ਸਾਂਗੋ ਪਾਂਗ ਦੇਖ ਲੈਂਦੇ ਹਨ ਅਤੇ ਇਕ ਦਮ ਹੀ ਉਹਨਾਂ ਦੀ ਲਿਵਤਾਰ ਦਸਮੇਂ ਦੁਆਰ ਵਿਖੇ ਜਾ ਲਗਦੀ ਹੈ। ਅਸੀਂ ਕਈ ਅਜੇਹੇ ਉਤਮ ਜਗਿਆਸੂ ਜਨ ਜੋਤੀਸ਼ ਦਰਸ਼ਨਾਂ ਵਿਚ ਮਗਨ ਹੋਏ ਅਤੇ ਦੇਹੋਂ ਬਿਦੇਹ ਹੋਏ ਦੇਖੇ ਹਨ। ਸਤਿਗੁਰੂ ਤਾਂ ਹੁਣ ਭੀ ਆਪਣੇ ਜੋਤਿ ਅਫਗਨੀ ਦੀਦਾਰਿਆਂ ਦੇ ਜਲਵੇ ਦੇਣ ਲਈ ਹਾਜ਼ਰ ਨਾਜ਼ਰ ਹੈਨ ਪਰ ਹੈ ਤਾਂ ਘਾਲ ਕਮਾਈ ਦੀ ਕਮੀ ਹੈ। ਜਿਨਾਂ ਉਤਮ ਸਰਣ ਵਾਲਿਆਂ ਸੁਧਾ ਛਕੰਨੀ ਨਵਲ ਅੰਮ੍ਰਿਤ ਧਾਰੀਆਂ ਨੂੰ ਤਾਬੜ ਤੋੜ ਇਹ ਦਰਸ਼ਨ ਨਹੀਂ ਹੋ ਸਕਦੇ ਉਹਨਾਂ ਦੇ ਰਗੋ ਰੇਸ਼ੇ ਅੰਦਰਿ ਨਾਮ ਅਭਿਆਸ ਗੁਰਮੰਤਰ ਦੀਖਿਆ ਦੀ ਰੋ ਸਰਸ਼ਾਰ ਹੋ ਕੇ ਫਿਰ ਜਾਂਦੀ ਹੈ ਅਤੇ ਉਹਨਾਂ ਦਾ ਸੁਆਸ ਅਭਿਆਸ ਖੰਡਾ ਰਸ ਬਿਧੰਨਾ ਹੋ ਕੇ ਚੱਲਣ ਲਗ ਪੈਂਦਾ ਹੈ। ਇਸ ਖੰਡੇ ਦੇ ਰਸ ਵਿਗਾਸ ਅਧੀਨ ਹੋ ਕੇ ਉਹ ਅਤੁੱਟ ਅਭਿਆਸ ਦੀਆਂ ਨਾਮ ਕਮਾਈਆਂ ਕਰਨ ਵਿਚਿ ਜੁਟ ਜਾਂਦੇ ਹਨ। ਤਾਂ ਇਕ ਸੁਫਲ ਘੜੀ ਅਚੇਤ ਹੀ ਆ ਜਾਂਦੀ ਹੈ। ਏਸ ਜਨਮ ਵਿਚਿ ਨੇੜੇ ਹੀ ਆ ਜਾਂਦੀ ਹੈ ਕਿ ਉਹਨਾਂ ਨੂੰ ਭੀ ਦਰਸ਼ਨ ਜੋਤਿ ਪ੍ਰਕਾਸ਼ ਦੇ ਆਤਮ ਵਿਗਾਸੀ ਦਰਸ਼ਨ ਪਰਤੱਖ ਹੋਇ ਆਉਂਦੇ ਹਨ ਤੇ ਘਾਲ ਕਮਾਈ ਨੂੰ ਫਲ ਲਗਦੇ ਹਨ। ਘਾਲ ਕਮਾਈ ਕੀਤੀ ਹੋਈ ਕਦੇ ਬਿਰਥੀ ਨਹੀਂ ਜਾਂਦੀ।

“ਪ੍ਰਭ ਘਾਲਿਆ ਕਿਸੇ ਕਾ ਇਕ ਤਿਲ ਨ ਗਵਾਈ॥”

No comments:

Post a Comment