Wednesday, 15 June 2011

ਖ਼ਾਲਸਾਈ ਅਣਖ ਦੀ ਇਕ ਝਲਕ

ਲੇਖਕ: ਕੈਪਟਨ ਸਵਰਨ ਸਿੰਘ ਜੀ, ਚੂਸਲੇਵੜ੍ਹ (ਅੰਮ੍ਰਿਤਸਰ)

ਕਨੈਡਾ ਜਾ ਵਸੇ ਬਜੁਰਗ ਸ: ਦਲੀਪ ਸਿੰਘ, ਉਮਰ 85 ਕੁ ਸਾਲ ਤੋਂ ਉੱਤੇ, ਦੀ ਜ਼ਬਾਨੀ ਇਹ ਘਟਨਾ ਵਰਨਣ ਹੋਈ ਹੈ। ਯਾਦਆਸ਼ਤ ਸ਼ਕਤੀ ਕਮਜੋਰ ਹੋ ਜਾਣ ਕਰਕੇ ਦਿਨ, ਵਾਰ, ਮਹੀਨਾ, ਸਾਲ ਯਕੀਨੀ ਤੌਰ `ਤੇ ਨਹੀ ਸਨ ਦੱਸ ਸਕੇ। ਪੰਥ ਦੇ ਸਿਰਮੌਰ ਢਾਢੀ ਗਿਆਨੀ ਕੁਲਵੰਤ ਸਿੰਘ ਜੀ (ਬੀ.ਏ) ਵੀ ਇਸ ਬਿਆਨ ਦੇ ਸਾਖੀ ਹਨ। ਬਾਬਾ ਜੀ ਨੇ ਭਾਂਵੇ ਅਜੋੜ ਜਿਹੇ ਢੰਗ ਨਾਲ ਆਪਣੇ ਵਾਕਾਂ ਵਿਚ ਲਪੇਟ ਕੇ ਇਹ ਘਟਨਾ ਕੰਨਾ ਵਿਚ ਪਾਈ ਸੀ, ਪਰ ਹੋਈ ਵਾਪਰੀ ਅਸਲੀਅਤ ਨੂੰ ਜੋੜ ਜੋੜ ਕੇ ਤਰਤੀਬ ਵਾਰ ਲਿਖ ਕੇ ਇਤਿਹਾਸ ਪ੍ਰੇਮੀਆਂ ਨੂੰ ਇਹ ਢੋਆ ਭੇਂਟ ਕਰਦਾ ਹਾਂ। - ਲੇਖਕ

ਕਾਬਲ ਦੇ ਰਾਜ ਘਰਾਣੇ ਦਾ ਇਕ ਸ਼ਹਿਜ਼ਾਦਾ ਪੰਜਾਬ ਦੀ ਸੈਰ ਲਈ ਆਇਆ। ਇਹ ਪੰਜਾਬ ਸਰਕਾਰ ਦਾ ਪ੍ਰਾਹੁਣਾ ਸੀ। ਲਾਹੌਰ ਦੇ ਹੋਟਲ ਵਿਚ ਟਿਕਿਆ। ਲਾਹੌਰ ਵੇਖਣ ਪਿੱਛੋ ਉਹਨੇ ਗੁਜਰਾਂਵਾਲਾ ਵੇਖਣ ਦੀ ਖ਼ਾਹਿਸ਼ ਜ਼ਾਹਿਰ ਕੀਤੀ। ਸਰਕਾਰੀ ਅੰਗ ਰਖਸ਼ਾਂ ਨਾਲ ਡਿਪਟੀ ਕਮਿਸ਼ਨਰ ਗੁਜਰਾਂਵਾਲੇ ਪਾਸ ਪੁੱਜਾ।ਮਹਾਰਾਜਾ ਰਣਜੀਤ ਸਿੰਘ, ਸ: ਮਹਾਂ ਸਿੰਘ, ਸ: ਚੜ੍ਹਤ ਸਿੰਘ ਦੇ ਮਹਿਲ ਮਾੜੀਆਂ ਵੇਖੇ। ਸ: ਹਰੀ ਸਿੰਘ ਨਲੂਆ ਨਾਲ ਸੰਬੰਧਤ ਅਸਥਾਨ ਵੇਖਿਆ। ਡੀ. ਸੀ ਸਾਹਿਬ ਦੇ ਪਾਸ ਆ ਕੇ ਤਮੰਨਾ ਜ਼ਾਹਿਰ ਕੀਤੀ ਕਿ ਸ: ਹਰੀ ਸਿੰਘ ਨਲੂਆ ਦੇ ਪਰਿਵਾਰ ‘ਚੋਂ ਜੇ ਹੋ ਸਕੇ ਤਾਂ ਕਿਸੇ ਜੀਅ ਨੂੰ ਉਸ ਨਾਲ ਮਿਲਵਾਇਆ ਜਾਵੇ। ਪੁੱਛ ਪੜਤਾਲ ਤੋਂ ਪਤਾ ਲੱਗਾ ਕਿ ਸ: ਜਰਨੈਲ ਸਿੰਘ ਨਲੂਆ ਦੀ ਪੀੜ੍ਹੀ `ਚੋਂ ਉਸਦਾ ਇੱਕ ਪੜਪੋਤਾ (ਬਾਬਾ ਜੀ ਨਾਉਂ ਨਹੀਂ ਦੱਸ ਸਕੇ - ਲੇਖਕ) ਗੁਜਰਾਂਵਾਲਾ ਦੇ ਖ਼ਾਲਸਾ ਸਕੂਲ ਵਿਚ ਨੌਵੀ/ਦਸਵੀਂ ਜਮਾਤ ਵਿਚ ਪੜ੍ਹਦਾ ਹੈ।

ਹੁਕਮ ਲੈ ਕੇ ਇਕ ਅਫਸਰ ਟਮ ਟਮ (ਘੋੜੇ ਵਾਲੀ ਬੱਘੀ) `ਤੇ ਹੈੱਡ-ਮਾਸਟਰ ਸਾਹਿਬ ਦੇ ਦਫਤਰ ਪੁੱਜਾ ਤੇ ਉਸਨੂੰ ਆਪਣੇ ਆਉਣ ਦਾ ਮਕਸਦ ਦੱਸਿਆ ਅਤੇ ਕਿਹਾ ਕਿ ਸ਼ਹਿਜ਼ਾਦੇ ਨਾਲ ਮੁਲਾਕਾਤ ਤੋਂ ਬਾਅਦ ਇੱਥੇ ਹੀ ਛੱਡ ਜਾਵਾਂਗੇ। ਹੈੱਡ ਮਾਸਟਰ ਨੇ ਵਿਦਿਆਰਥੀ ਨੂੰ ਆਪਣੇ ਪਾਸ ਬੁਲਾਇਆ ਤੇ ਡੀ. ਸੀ ਸਾਹਿਬ ਦੇ ਦਫਤਰ ਵਿਖੇ ਨਾਲ ਜਾਣ ਲਈ ਕਿਹਾ। ਵਿਦਿਆਰਥੀ ਨੇ ਪੁੱਛਿਆ, “ਉਹ ਕੌਣ ਰਾਜਕੁਮਾਰ ਹੈ, ਜੋ ਮੈਨੂੰ ਉਥੇ ਬੁਲਾ ਕੇ ਮਿਲਣਾ ਚਾਹੁੰਦਾ ਹੈ ਤੇ ਕਿਸ ਲਈ?” “ਉਹ ਵਾਲੀਏ ਕਾਬੁਲ ਦੋਸਤ ਮੁਹੰਮਦ ਦੇ ਭਰਾ ਜਰਨੈਲ ਅਜ਼ੀੰ ਖ਼ਾਨ ਦਾ ਪੜਪੋਤਾ ਹੈ। ਸ਼ਾਹੀ ਖ਼ਾਨਦਾਨ ਦਾ ਜੀਅ ਹੈ। ਸਮਝੋ ਕਾਬਲ ਦੇ ਬਾਦਸ਼ਾਹ ਦਾ ਪੜਪੋਤਾ ਹੈ। ਤੁਸੀਂ ਜਾਉ ਮਿਲਣ ਵਿਚ ਕੋਈ ਹਰਜ ਨਹੀਂ। ਉਸਨੇ ਵਿਸ਼ੇਸ਼ ਤੌਰ ‘ਤੇ ਮੰਗ ਕੀਤੀ ਹੈ ਕਿ ਉਹ ਸਿਰਦਾਰ ਨਲੂਆ ਜੀ ਦੇ ਖ਼ਾਨਦਾਨ ‘ਚੋਂ ਕਿਸੇ ਵਿਅਕਤੀ ਨੂੰ ਮਿਲਣਾ ਚਾਹੁੰਦਾ ਹੈ। ਸੋ ਬੇਟਾ ਜਾਉ, ਆਪਣਾ ਜਾਣਾ ਬਣਦਾ ਹੈ। ਜਾਣ ਵਿਚ ਮਾਣ ਵਾਲੀ ਗੱਲ ਹੈ”। ਉਸ ਜਵਾਨ ਮਰਦ ਅਣਖੀਲੇ ਜਰਨੈਲ ਹਰੀ ਸਿੰਘ ਨਲੂਏ ਦੇ ਪੜਪੋਤੇ ਦੀਆਂ ਰਗਾਂ ਵਿਚ ਪੜਦਾਦੇ ਦੇ ਵਗਦੇ ਖ਼ੂਨ ਨੇ ਜੋਸ਼ ਮਾਰਿਆਂ, ਉਸ ਦੀਆਂ ਅੱਖਾਂ ਚਮਕੀਆਂ, ਉਸ ਅਲੂੰਏ ਜਿਹੇ ਬੱਚੇ ਨੇ ਬੜੀ ਦ੍ਰਿੜ੍ਹਤਾ ਤੇ ਨਿਸ਼ਠਾ ਸਹਿਤ ਬੜੀ ਹਲੇਮੀ ਨਾਲ ਉੱਤਰ ਦਿੱਤਾ,– “ਪਿਤਾ ਜੀ, ਤੁਹਾਡੇ ਸਭ ਹੁਕਮ ਸਿਰ ਮੱਥੇ ਹਨ। ਤੁਹਾਡੇ ਹੁਕਮ ਦੀ ਪਾਲਣਾ ਲਈ ਮੈਂ ਕੁਝ ਵੀ ਕਰਨ ਲਈ ਤਿਆਰ ਹਾਂ। ਮਿਲਣ ਲਈ ਤਿਆਰ ਹਾਂ ਪਰ ਮੈਂ ਆਪ ਓਥੇ ਜਾ ਕੇ ਡੀ. ਸੀ ਸਾਹਿਬ ਦੇ ਦਫ਼ਤਰ ਵਿਚ ਨਹੀਂ, ਤੁਹਾਡੇ ਦਫ਼ਤਰ ਵਿਚ ਐਥੇ। ਇਸ ਗ਼ੁਸਤਾਖੀ ਦੀ ਮੁਆਫੀ ਮੰਗਦਾਂ ਹਾਂ”। ਲੈਣ ਆਇਆ ਅਫ਼ਸਰ ਤੇ ਹੈੱਡ-ਮਾਸਟਰ ਸਾਹਿਬ ਐਸਾ ਜੁਅਰਤ ਭਰਿਆ ਜਵਾਬ ਸੁਣ ਕੇ ਦੰਗ ਰਹਿ ਗਏ। “ਪਰ ਪੁੱਤਰ! ਓਥੇ ਕਿਉਂ ਨਹੀਂ ਜਾਣਾ ? ਡੀ. ਸੀ. ਸਾਹਿਬ ਨੇ ਆਪ ਬੇਨਤੀ ਕਰਕੇ ਸਨੇਹਾ ਘਲਾਇਆਂ ਹੈ। ਉਹ ਅੰਗਰੇਜ਼ ਹਨ, ਰਾਜ ਵੀ ਅੰਗਰੇਜ਼ ਦਾ ਹੈ ਤੇ ਉਹ ਵੀ ਸਾਰੀ ਦੁਨੀਆਂ ਵਿਚ ਪਹਿਲੇ ਨੰਬਰ ਦੀ ਸ਼ਕਤੀਸ਼ਤਲੀ ਕੌਮ ਦਾ ਰਾਜ। ਆਪਾਂ ਨੂੰ ਹੁਕਮ ਅਦੂਲੀ ਫਬਦੀ ਨਹੀਂ। ਫਿਰ ਤੈਨੂੰ ਲੈਣ ਲਈ ਅਸਵਾਰੀ ਲੈ ਕੇ ਇਕ ਅਫ਼ਸਰ ਆਇਆ ਹੈ। ਕਾਬਲ ਦੇ ਰਾਜ ਘਰਾਣੇ ਵਿੱਚੋਂ ਆਏ ਸਤਿਕਾਰਯੋਗ ਵਿਅਕਤੀ ਨੂੰ ਮਿਲਣਾ, ਉਹ ਵੀ ਜਦ ਕਿ ਉਸ ਨੇ ਮਿਲਣ ਲਈ ਆਪਣੇ ਮਨੋ ਆਪ ਤੀਬਰ ਖ਼ਾਹਿਸ਼ ਜ਼ਾਹਿਰ ਕੀਤੀ ਹੋਵੇ, ਬੜੇ ਮਾਣ ਵਾਲੀ ਗੱਲ ਹੈ। ਬੀਬੇ ਬਣੋ ਤੇ ਨਾਲ ਜਾਉ”। ਹੈੱਡ-ਮਾਸਟਰ ਜੀ ਨੇ ਬੱਚੇ ਨੂੰ ਪਿਆਰਦੇ ਹੋਇਆਂ ਕਿਹਾ। “ਮੈਂ ਕਾਬਲ ਦੇ ਸ਼ਾਹੀ ਘਰਾਣੇ ਤੋਂ ਆਏ ਸੱਜਣ ਨੂੰ ਮਿਲਣ ਲਈ ਤਿਆਂਰ ਹਾਂ। ਪਰ ਡੀ. ਸੀ. ਸਾਹਿਬ ਦੇ ਦਫ਼ਤਰ ਜਾ ਕੇ ਨਹੀਂ। ਉਹ ਐਥੇ ਆ ਜਾਵੇ”। ਉਸ ਦੀ ਆਵਾਜ਼ ਵਿਚ ਅੱਗੇ ਵਰਗੀ ਹੀ ਦ੍ਰਿੜਤਾ ਸੀ।

“ਪਰ ਬੇਟਾ ਇੰਝ ਕਿਉਂ ? ਉਥੇ ਜਾਣ ਵਿਚ ਕੀ ਹਰਜ ਹੈ ?” ਹੈੱਡ-ਮਾਸਟਰ ਸਾਹਿਬ ਨੇ ਕੁਝ ਗੰਭੀਰ ਸੁਰ ਵਿਚ ਪੁੱਛਿਆ। ਅੱਗੋਂ ਓਵੇਂ ਗੰਭੀਰ ਹੋ ਕੇ ਨਲੂਆ ਬੱਚੇ ਨੇ ਕਿਹਾ, “ਮੇਰੀ ਖ਼ਾਲਸਾਈ ਗ਼ੈਰਤ (ਅਣਖ) ਆਗਿਆ ਨਹੀਂ ਦੇਂਦੀ ਕਿ ਆਪ ਓਥੇ ਮਿਲਣ ਜਾਵਾਂ। ਮੈਂ ਇਕ ਜੇਤੂ ਜਰਨੈਲ਼ ਦਾ ਪੜਪੋਤਾ ਹਾਂ। ਉਹ ਰਾਜਕੁਮਾਰ ਇਕ ਹਾਰੇ ਹੋਏ ਜਰਨੈਲ ਦਾ ਪੜਪੋਤਾ ਹੈ। ਮੇਰੇ ਬਾਪੂ ਜੀ ਤੋਂ ਕਈ ਵਾਰ ਹਾਰ ਖਾ ਕੇ ਮੈਦਾਨੋਂ ਭੱਜੇ ਹੋਏ, ਹਾਰੇ ਹੋਏ ਜਰਨੈਲ ਪੜਦਾਦੇ ਦਾ ਪੜਪੋਤਾ, ਜੇ ਉਹ ਮੈਨੂੰ ਮਿਲਣਾ ਚਾਹੁੰਦਾ ਹੈ ਤਾਂ ਆਪ ਆ ਕੇ ਐਥੇ ਤੁਹਾਡੇ ਦਫ਼ਤਰ ਵਿਚ ਮਿਲੇ। ਮੈਂ ਉਸ ਨੂੰ ਮਿਲਣ ਲਈ ਡੀ. ਸੀ ਸਾਹਿਬ ਦੇ ਦਫ਼ਤਰ ਵਿਚ ਕਿਉਂ ਜਾਵਾਂ। ਜੇ ਕਿਸੇ ਨੇ ਸ਼ੇਰ ਦੇ ਬੱਚੇ ਨੂੰ ਵੇਖਣਾ ਮਿਲਣਾ ਹੈ ਤਾਂ ਉਸਦੀ ਜੂਹ ਵਿਚ ਆ ਕੇ ਮਿਲੇ। ਅੰਗਰੇਜ਼ ਸਾਹਿਬ ਦੇ ਪਿੰਜਰਾ ਰੂਪੀ ਦਫ਼ਤਰ ‘ਚ ਪਾ ਕੇ ਮੈਨੂੰ ਨਾ ਵੇਖੇ, ਨਾ ਮਿਲੇ। ਐਥੇ ਨਹੀਂ ਤਾਂ ਸਾਡੇ ਘਰ ਦੇ ਦਰ ਖੁੱਲ੍ਹੇ ਹਨ। ਸਾਡੇ ਤੇ ਉਸ ਦੇ ਵੱਡੇ ਵਡੇਰੇ ਆਪੋ ਵਿਚ ਮਿਲਦੇ ਰਹੇ ਹਨ-ਹੱਥਾਂ ਵਿਚ ਤੇਗ਼ਾਂ ਲੈ ਕੇ। ਕੀ ਹੋਇਆ ਅੱਜ ਅੰਗਰੇਜ਼ਾਂ ਮਿੱਤ੍ਰ ਧ੍ਰੋਹੀ ਕਰਕੇ ਸਾਡਾ ਰਾਜ ਹੜੱਪ ਲਿਆ ਹੈ। ਸਦਾ ਦਾ ਕਲੰਕ ਹੀ ਖੱਟਿਆ ਹੈ। ਡੀ. ਸੀ. ਸਾਹਿਬ ਦੀ ਮੈਨੂੰ ਕੋਈ ਧੌਂਸ ਨਹੀਂ। ਸ਼ੇਰ-ਇ-ਪੰਜਾਬ ਵੱਡੇ ਬਾਪੂ ਜੀ (ਮਹਾਰਾਜਾ ਰਣਜੀਤ ਸਿੰਘ ਸਾਹਿਬ) ਦਿਆਲੂ, ਕ੍ਰਿਪਾਲੂ, ਸਖ਼ੀ ਦਿਲ ਯੋਧੇ ਸਨ। ਸਭ ਨੂੰ ਗਲ ਨਾਲ ਲਾਇਆ। ਅਕ੍ਰਿਤਘਣ ਤੇ ਗ਼ੱਦਾਰ ਡੋਗਰੇ ਅੱਖੀਂ ਘੱਟਾ ਪਾ ਕੇ, ਮੋਮੋਠਗਣੇ ਬਣ ਕੇ ਨਾਜਾਇਜ਼ ਫ਼ਾਇਦੇ ਉਠਾਉਂਦੇ ਰਹੇ। ਪੱਕੇ ਲੂਣ ਹਰਾਮੀ ਨਿਕਲੇ। ਅੰਗਰੇਜ਼ਾਂ ਨਾਲ ਸਾਜ਼ਿਸਾਂ ਕਰਕੇ ਸ਼ਾਹੀ ਘਰਾਣੇ ਵਿਚ ਫੁੱਟ ਪਾ ਕੇ ਘਰ ਬਰਬਾਦ ਕੀਤਾ, ਖ਼ਾਲਸਾ ਰਾਜ ਖੇਰੂੰ ਖੇਰੂੰ ਕੀਤਾ। ਸਾਡਾ ਰਾਜ ਗਿਆ, ਪਰਵਾਹ ਨਹੀਂ। ਕੋਈ ਚਿੰਤਾ ਨਹੀਂ, ਸਾਡੀ ਅਣਖ ਤੇ ਮਰਿਯਾਦਾ ਓਸੇ ਤਰ੍ਹਾਂ ਕਾਇਮ ਹੈ। ਇਹੀ ਸਾਡੀ ਸ਼ਕਤੀ ਦਾ ਮੂਲ਼ ਹੈ। ਅੰਗਰੇਜ਼ ਡੀ. ਸੀ. ਸਾਹਿਬ ਵੀ ਤਾਂ ਓਸੇ ਸਰਕਾਰ ਦੇ ਕਰਿੰਦੇ ਹਨ, ਜਿਸ ਨੇ ਪਹਿਲਾ ਸ਼ੇਰ-ਇ-ਪੰਜਾਬ ਨਾਲ ਮਿੱਤ੍ਰਤਾ ਗੰਢੀ, ਆਪਣੀ ਠੁਕ ਬਣਾਈ। ਉਨ੍ਹਾਂ ਦਾ ਅਜੇ ਸਿਵਾ ਵੀ ਠੰਡਾ ਨਹੀਂ ਸੀ ਹੋਇਆ ਕਿ ਉਨ੍ਹਾਂ ਦਾ ਗ਼ੱਦਾਰਾਂ ਹੱਥੋਂ ਖ਼ਾਨਦਾਨ ਹੀ ਸਮਾਪਤ ਕਰਾ ਦਿੱਤਾ। ਮਹਾਰਾਜਾ ਦਲੀਪ ਸਿੰਘ ਬਚ ਗਿਆ ਸੀ। ਉਸ ਨੂੰ ਵੀ ਪਤਿਤ ਕੀਤਾ, ਈਸਾਈ ਬਣਾਇਆ, ਦੋਵੇਂ ਸਾਡੇ ਦੁਸ਼ਮਣ ਹਨ। ਮੇਰੀ ਗ਼ੈਰਤ ਆਗਿਆ ਨਹੀਂ ਦੇਂਦੀ ਕਿ ਮੈਂ ਕਦੀਮ ਦੁਸ਼ਮਣ ਨੂੰ ਸੱਜਰੇ ਦੁਸ਼ਮਣ ਦੇ ਦਫ਼ਤਰ ਵਿਚ ਮਿਲਣ ਲਈ ਆਪ ਚੱਲ ਕੇ ਜਾਵਾਂ। ਓਥੇ ਨਾ ਜਾਣ ਦਾ ਮੇਰਾ ਫ਼ੈਸਲਾ ਪੱਕਾ ਹੈ। ਤੁਸੀਂ ਮੇਰੇ ਪਿਤਾ ਸਮਾਨ ਹੋ ਮੈਨੂੰ ਮਜਬੂਰ ਨਾ ਕਰੋਂ ਓਥੇ ਜਾਣ ਲਈ। ਮਿਲਣ ਤੋਂ ਮੈਂ ਇਨਕਾਰੀ ਨਹੀਂ, ਪਰ ਮਿਲੂੰ ਐਥੇ”। ਹੈੱਡ-ਮਾਸਟਰ ਸਾਹਿਬ ਤੇ ਲੈਣ ਆਇਆ ਅਫ਼ਸਰ ਸੁਣ ਕੇ ਸੁੰਨ ਹੋ ਗਏ।

ਸੂਰਬੀਰ ਪੜਦਾਦੇ ਦੇ ਅਣਖੀ ਪੜਪੋਤੇ ਦੀ ਅਣਖ, ਦਲੇਰੀ ਤੇ ਸੂਝ ਬੂਝ ਵੇਖ ਕੇ ਅਸ਼-ਅਸ਼ ਕਰ ਉਠੇ। ਬੱਚੇ ਦੇ ਇਨਕਾਰ ਦਾ ਕਾਰਨ ਅਫ਼ਸਰ ਸਮਝ ਗਿਆ ਤੇ ਚੁੱਪਚਾਪ ਵਾਪਸ ਪਰਤ ਗਿਆ। ਡੀ. ਸੀ. ਸਾਹਿਬ ਨੂੰ ਸਭ ਕੁਝ ਜਾ ਦੱਸਿਆ। ਥੋੜੀ ਦੇਰ ਬਾਅਦ ਕਾਬਲੀ ਪ੍ਰਾਹੁਣਾ ਉਸ ਅਫ਼ਸਰ ਤੇ ਅੰਗ ਰਖਸ਼ਾਂ ਦੀ ਟੋਲੀ ਨਾਲ ਆਪ ਹੀ ਸਕੂਲ ਵਿਚ ਹਾਜ਼ਰ ਹੋ ਗਿਆ। ਫਿਰ ਵਿਦਿਆਰਥੀ ਨੂੰ ਸੱਦਿਆ ਗਿਆ। ਦੋਵੇਂ ਬੜੇ ਸਤਿਕਾਰ ਨਾਲ ਮਿਲੇ। ਸ਼ਹਿਜ਼ਾਦਾ, ਨਲੂਏ ਪੁੱਤਰ ਦੀ ਡੀਲ ਡੌਲ ਤੇ ਚਿਹਰੇ ਦੀ ਨੁਹਾਰ ਤੱਕ ਕੇ ਬੜਾ ਹੀ ਪ੍ਰਭਾਵਿਤ ਹੋਇਆ। ਉਸ ਨੇ ਕਿਹਾ, “ਮੇਰਾ ਜੋ ਅਨੁਭਵ ਸੀ, ਸਰਦਾਰ ਨਲੂਆ ਦੀ ਅੰਸ-ਬੰਸ ਐਨ ਓਸੇ ਹੀ ਜਲਾਲੀ ਦਿਖ ਵਾਲੀ ਹੈ। ਮਿਲ ਕੇ ਬੜੀ ਹੀ ਖ਼ੁਸ਼ੀ ਹੋਈ ਹੈ। ਮੈਨੂੰ ਇਸ ਗੱਲ ਦੀ ਵੀ ਬਹੁਤ ਪ੍ਰਸੰਨਤਾ ਹੈ ਕਿ ਮੇਰੀ ਕੌਮ ਨੇ ਗ਼ੈਰਤਮੰਦ ਤੇ ਬਹਾਦਰ ਕੌਮ ਦੇ ਇਕ ਅਤੀ ਯੋਗ, ਮਰਦ-ਇ-ਮੈਦਾਂ (ਮੈਦਾਨ) ਤੇ ਜ਼ਾਂਬਾਜ ਸਿਪਾਹ-ਸਲਾਰ ਦਾ ਰੁਆਬ ਤੇ ਭੈਅ ਕਬੂਲਿਆ ਸੀ। ‘ਹਰੀਆ ਰਾਗਲੇ’ ਦੇ ਸ਼ਬਦਾਂ ਦਾ ਅਸਰ ਅੱਜ ਸਪੱਸ਼ਟ ਪਤਾ ਲੱਗਾ ਹੈ”। ਉਸ ਸਾਊ ਮੁਲਾਕਾਤੀ ਸ਼ਹਿਜ਼ਾਦੇ ਨੇ ਸਿਰਦਾਰ ਬੱਚੇ ਨੂੰ ਮੁਸਕਰਾ ਕੇ ਕਿਹਾ, “ਜੇ ਸਾਡੇ ਅਫ਼ਗਾਨਿਸਤਾਨ ਦੀ ਸੈਰ ਨੂੰ ਜੀਅ ਕਰੇ ਤਾਂ ਪਹਿਲਾਂ ਦੱਸ ਭੇਜਣਾ ਮੈਂ ਕਾਬਲੋਂ ਚੱਲ ਕੇ ਪਿਸ਼ਾਵਰ ਪਹੁੰਚ ਕੇ ਲੈਣ ਆਵਾਂਗਾ”। “ਤੁਹਾਡਾ ਅਤੀ ਧੰਨਵਾਦ। ਲਾਹੌਰੋਂ ਕਾਬਲ ਤਕ ਤੇ ਉਸ ਤੋਂ ਵੀ ਅੱਗੇ ਤਾਈਂ ਰਸਤਾ ਮੈਨੂੰ ਚੰਗੀ ਤਰ੍ਹਾਂ ਆਉਂਦਾ ਹੈ। ਤੁਹਾਨੂੰ ਖੇਚਲ ਦੀ ਲੋੜ ਨਹੀਂ”। ਓਸੇ ਤਰ੍ਹਾਂ ਮੁਸਕਰਾ ਕੇ ਨਲੂਏ ਵੰਸ਼ੀ ਨੇ ਵੀ ਜਵਾਬ ਦਿੱਤਾ।

ਸ਼ਹਿਜ਼ਾਦੇ ਨੇ ਜਾਣ ਤੋਂ ਪਹਿਲਾਂ ਇਹ ਵੀ ਸ਼ਪੱਸ਼ਟ ਕਰ ਦਿੱਤਾ ਸੀ ਕਿ ਡੀ. ਸੀ. ਸਾਹਿਬ ਦੇ ਦਫ਼ਤਰ ਵਿਚ ਬੁਲਵਾ ਕੇ ਮਿਲਣ ਦੀ ਵਿਉਂਤ ਮੇਰੀ ਨਹੀਂ ਸੀ। ਇਹ ਡੀ. ਸੀ. ਸਾਹਿਬ ਦੀ ਆਪਣੇ ਵਲੋਂ ਹੀ ਤਜਵੀਜ਼ ਹੋਵੇਗੀ। ਮੇਰਾ ਮਕਸਦ ਇਸ ਮਲਾਕਾਤ ਤੋਂ ਇਹ ਸੀ ਕਿ ਮੈਂ ਓਸ ਮਹਾਨ ਜਰਨੈਲ ਦੇ ਕਿਸੇ ਜਿਊਂਦੇ ਜਾਗਦੇ ਵੰਸ਼ੀ ਨੂੰ ਸਾਖ਼ਸ਼ਾਤ ਵੇਖਾਂ ਤੇ ਉਸ ਨੂੰ ਸਲਾਮ ਕਰਾਂ। ਸੋ, ਅੱਜ ਤੁਹਾਨੂੰ ਮਿਲ ਕੇ, ਵੇਖ ਕੇ ਸਲਾਮ ਕਰਨ ਦੀ ਮੇਰੀ ਰੀਝ ਅੱਲਾ ਪਾਕ ਨੇ ਮਿਹਰਬਾਨ ਹੋ ਕੇ ਪੂਰੀ ਕੀਤੀ ਹੈ।


ਪਿਆਰੇ ਪਾਠਕੋ! ਇਹ ਹਨ ਜਿਊਂਦੀਆਂ ਤੇ ਗ਼ੈਰਤਮੰਦ ਕੌਮਾਂ ਦੇ ਅੰਦਾਜ਼। ਇਹ ਉਪਰੋਕਤ ਘਟਨਾ ਰੌਲੇ ਦੇ ਸਾਲਾਂ (ਭਾਵ ਫਾਂਸੀ ਵਾਲੇ ਸਾਲਾਂ) ਤੇ ਲੜਾਈ ਲੱਗਣ ਤੋਂ ਪਹਿਲਾਂ ਦਿਆਂ ਸਾਲਾਂ ਦੀ ਹੈ। ਅੰਦਾਜ਼ਨ 1935-36 ਦਾ ਸਮਾਂ ਸੀ।

ਨੋਟ: ਬਜ਼ੁਰਗ ਸ: ਦਲੀਪ ਸਿੰਘ ਜੀ ਸਾਰੇ ਤੱਥਾਂ ਬਾਰੇ ਪੂਰੀ ਵਾਕਫ਼ੀਅਤ ਨਹੀਂ ਦੇ ਸਕੇ। ਜੋ ਉਨ੍ਹਾਂ ਬੋਲਿਆ, ਸੋਧ ਕੇ ਕਾਨੀਬੰਦ ਕਰ ਦਿੱਤਾ ਹੈ। ਇਸ ਘਟਨਾ ਨੂੰ ਇਤਿਹਾਸ ਦਾ ਪੱਕਾ ਤੇ ਸਾਫ਼-ਸੁਥਰਾ ਹਿੱਸਾ ਬਣਾਉਣ ਲਈ ਅਜੇ ਹੋਰ ਜਾਣਕਾਰੀ ਤੇ ਘੋਖ ਦੀ ਲੋੜ ਹੈ। ਮੈਨੂੰ ਜਾਪਦੈ ਕਿ ਸ: ਹਰੀ ਸਿੰਘ ਨਲੂਏ ਦੇ ਜਿਸ ਹੋਣਹਾਰ ਪੜਪੋਤੇ ਨਾਲ ਮੁਲਾਕਾਤ ਹੋਈ ਦੱਸੀ ਗਈ ਹੈ, ਉਹ ਜਨਰਲ (ਰਿਟਾਇਰਡ) ਸੰਤ ਸਿੰਘ ਨਲੂਆ ਹੋ ਸਕਦੇ ਹਨ। ਇਸ ਜਨਵਰੀ ਦੇ ਦੂਜੇ ਹਫ਼ਤੇ ਦੀ ਗੱਲ ਹੈ ਕਿ ਇਕ ਦਿਨ ਇਡਿਅਨ ਐਕਸਪ੍ਰੈਸ ਦਾ ਇਕ ਰਿਪੋਰਟਰ ਸੱਜਣ ਮਿਲਣ ਆਇਆ ਤੇ ਦੱਸਿਆ ਕਿ ਨਲੂਆ ਖ਼ਾਨਦਾਨ ਬਾਰੇ ਉਹ ਜਾਣਕਾਰੀ ਇਕੱਤਰ ਕਰਕੇ ਇਕ ਤਫ਼ਸੀਲ਼ੀ ਮਜ਼ਬੂਨ ਬਣਾ ਕੇ ਇਸ ਅਖ਼ਬਾਰ ਵਿਚ ਛਾਪਣਗੇ। ਅਸਾਂ ਜਦ ਉਪਰੋਕਤ ਘਟਨਾ ਆਪਸ ਵਿਚ ਸਾਂਝੀ ਕੀਤੀ ਤਾਂ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਹਾਂ, ਉਸ ਤੋਂ ਇਹ ਪਤਾ ਲੱਗਾ ਕਿ ਇਸ ਮਾਨਯੋਗ ਵੰਸ਼ ਦਾ ਇਕ ਸਪੂਤ ਚੰਡੀਗੜ੍ਹ ਰਹਿੰਦਾ ਹੈ ਤੇ ਉਹ ਹੈ ਜਨਰਲ (ਰਿਟਾਇਡ) ਸੰਤ ਸਿੰਘ ਨਲੂਆ। ਮੈਨੂੰ ਉਨ੍ਹਾਂ ਦੀ ਰਿਹਾਇਸ਼ ਦਾ ਪੂਰਾ ਪਤਾ ਨਾ ਦੱਸ ਸਕਿਆ, ਕਿਉਂਕਿ ਅਜੇ ਉਸ ਨੂੰ ਆਪ ਵੀ ਪਤਾ ਨਹੀਂ ਸੀ। ਸਿਰਫ਼ ਨਾਉਂ ਤੋਂ ਹੀ ਜਾਣਕਾਰੀ ਸੀ। ਵਾਅਦਾ ਕਰ ਗਿਆ ਕਿ ਛੇਤੀਂ ਦੱਸੇਗਾ। ਪਰ ਇਕ ਮਹੀਨਾ ਸਮਾਂ ਬੀਤ ਗਿਆ ਹੈ, ਕੋਈ ਸੁਰ ਪਤਾ ਨਹੀਂ ਦਿੱਤਾ। ਜੇ ਪਤਾ ਲੱਗ ਜਾਂਦਾ ਤਾਂ ਮੈਂ ਆਪ ਅਪੜ ਕੇ ਸਾਰੀ ਗੱਲ ਦੀ ਤਸਦੀਕ ਕਰ ਲੈਂਦਾ ਤਾਂ ਇਹ ਲੇਖ ਕਿਸੇ ਪਾਸਿਉਂ ਜਾਣਕਾਰੀ ਦੀ ਥੁੜ੍ਹ ਦਾ ਸ਼ਿਕਾਰ ਨਾ ਹੁੰਦਾ। ਆਪਣੇ ਸਤਿਕਾਰਯੋਗ ਪਾਠਕਾਂ ਨੂੰ ਸਨਿਮਰ ਬਿਨੈ ਹੈ ਕਿ ਜੇ ਕਿਸੇ ਸੱਜਣ ਨੂੰ ਇਨ੍ਹਾਂ ਨਾਵਾਂ ਬਾਰੇ, ਭਾਵ ਆਉਣ ਵਾਲੇ ਕਾਬਲੀ ਸ਼ਹਿਜ਼ਾਦੇ ਦਾ ਨਾਉਂ, ਡੀ. ਸੀ. ਸਾਹਿਬ ਗੁਜਰਾਂਵਾਲਾ, ਨਲੂਆ ਪੜਪੋਤੇ, ਹੈੱਡ-ਮਾਸਟਰ ਸਾਹਿਬ ਦੇ ਨਾਂਉ, ਦਿਨ ਵਾਰ ਅਤੇ ਸੰਨ ਬਾਰੇ ਠੋਸ ਵਾਕਫ਼ੀਅਤ ਹੋਵੇ ਤਾਂ ਸਿੱਧੀ ਦਾਸ ਨੂੰ ਜਾਂ ਐਡੀਟਰ ‘ਆਤਮ ਰੰਗ’ ਨੂੰ ਭੇਜਣ ਦੀ ਕ੍ਰਿਪਾਲਤਾ ਕਰੇ। ਇਹ ਸਿੱਖ ਇਤਿਹਾਸ ਦੀ ਵੱਢਮੁੱਲੀ ਸੇਵਾ ਹੋਵੇਗੀ।

ਸਵਰਨ ਸਿੰਘ
ਪਿੰਡ ਤੇ ਡਾਕਖ਼ਾਨਾ ਚੂਸਲੇਵੜ੍ਹ
ਤਹਿਸੀਲ ਪੱਟੀ – 143305
ਜ਼ਿਲ੍ਹਾ ਅੰਮ੍ਰਿਤਸਰ
ਫ਼ੋਨ: 01851-250425

(ਧੰਨਵਾਦ ਸਹਿਤ ‘ਆਤਮ ਰੰਗ’ ਮਾਰਚ 2003)

ਇਸ ਲੇਖ ਵਿਚ ਇਕ ਹੋਰ ਘਟਨਾ ਜੋ ਕਿ ਮੋਹਨ ਦਾਸ ਗਾਂਧੀ ਜਿਸਨੂੰ ਕਈ ਲੋਕ ਮਹਾਤਮਾ ਗਾਂਧੀ ਵੀ ਆਖਦੇ ਹਨ ਨਾਲ ਸਬੰਧਤ ਵੀ ਦਰਜ਼ ਹੈ। ਕਿਉਂਕਿ ਉਪਰੋਕਤ ਘਟਨਾ ਵੱਧ ਧਿਆਨ ਮੰਗਦੀ ਹੈ ਇਸ ਕਰਕੇ ਦਾਸ ਨੇ ਪਹਿਲੋਂ ਇਹ ਹੀ ਪੋਸਟ ਕਰਨੀ ਮੁਨਾਸਿਬ ਸਮਝੀ।

No comments:

Post a Comment